do dhai saal punjabi book Review

ਵਾਰਤਕ ਦਾ ਸ਼ਿਵ- ਚਿੱਟਾ ਸਿੱਧੂ

ਚਿੱਟੇ ਸਿੱਧੂ ਦੀ ਪਲੇਠੀ ਕਿਤਾਬ “ਦੋ ਢਾਈ ਸਾਲ ” ਨੂੰ ਪੜ੍ਹਦਿਆਂ ਹਰ ਘੜੀ ਹਰ ਪਲ ਮੈਂ ਮਹਿਸੂਸ ਕੀਤਾ। ਜਿਵੇਂ ਸ਼ਿਵ ਕੁਮਾਰ ਬਟਾਲਵੀ ਕਵਿਤਾ ਛੱਡਕੇ ਵਾਰਤਕ ਲਿਖਣ ਲੱਗ ਗਿਆ ਹੋਵੇ ਤੇ ਕਹਿ ਰਿਹਾ ਹੋਵੇ ਭਲਿਓ ਲੋਕੋ ਤੁਸੀ ਮੇਰੀ ਮੁਹੱਬਤ ਦਾ ਸ਼ਿਖਰ ਜੇ ਕਵਿਤਾ ਰਾਹੀਂ ਨਹੀਂ ਮਹਿਸੂਸ ਕਰ ਸਕੇ।ਤਾਂ ਚਲੋ  ਹੁਣ ਤੁਹਾਨੂੰ ਵਾਰਤਕ ਰਾਹੀਂ ਮੁਹੱਬਤ ਦੇ ਦਰਿਆ ਚ ਡੁੱਬਕੀ ਲਵਾਉਂਦਾ ਹਾਂ।

 ਇੰਝ ਮਹਿਸੂਸ ਹੁੰਦਾ ਹੈ ਜਿਵੇਂ ਚਿੱਟੇ ਨੇ ਬਚਪਨ ਵਿੱਚ ਹੀ ਗੁੜਤੀ ਚ ਮੁਹੱਬਤ ਦਾ ਮਿੱਠਾ ਜ਼ਹਿਰ ਚੱਖ ਲਿਆ ਹੋਵੇ ਤਾਂਹੀ ਉਹ ਜ਼ਿਕਰ ਭਾਵੇਂ ਪਿੰਡ ਦਾ ਕਰੇ ਜਾ ਸ਼ਹਿਰ ਦਾ,ਖ਼ੇਤ ਦਾ ਕਰੇ ਜਾ ਹੋਸਟਲ ਦਾ,ਮਾਂ ਦਾ ਕਰੇ ਜਾ ਵਿੱਛੜ ਗਏ ਯਾਰ ਦਾ,ਤਾਰਿਆਂ ਦਾ ਕਰੇ ਜਾ ਰਾਹੋਂ ਭਟਕ ਗਏ ਯਾਰਾਂ ਦਾ ਮੁਹੱਬਤ ਹਮੇਸ਼ਾ ਉਸਦੇ ਅੰਗ ਸੰਗ ਵਿਚਰਦੀ ਹੈ “ਲਾਡੀ ਵਾਲੀ ਬਣਕੇ” ਕਦੇ “ਹੈਂ ਲਾਡੀ” ਬਣਕੇ। ਚਿੱਟੇ ਕੋਲ  ਵਾਰਤਕ ਲਈ ਭਾਸ਼ਾ ਦਾ ਨਵੇਕਲਾ ਮੁਹਾਵਰਾ ਹੈ। ਗੱਲਾਂ ਦੱਸਣ ਤੋਂ ਲੈਕੇ ਘਟਨਾਵਾਂ ਦੇ ਬਿਰਤਾਂਤ ਸਿਰਜਣ ਸਮੇ ਤੁਹਾਨੂੰ ਉਹ ਪੰਜਾਬੀ ਦੀਆਂ ਕਈ ਉਪਭਾਸ਼ਾਵਾਂ ਨਾਲ ਜੋੜ ਜਾਂਦਾ ਹੈ। 

ਕਈ ਨਵੇਂ ਸ਼ਬਦ ਪੜ੍ਹਕੇ ਦਿਲ ਸਵਾਦ ਗੜੂੰਦ ਹੋ ਜਾਂਦਾ ਹੈ,ਤੁਸੀ ਆਪਣੇ ਆਪ ਨੂੰ ਕਦੇ ਮਲਵਈ ਮਹਿਸੂਸ ਕਰਦੇ ਹੋ,ਕਦੇ ਮਝੈਲ ਤੇ ਕਦੇ ਲਾਹੌਰ ਦਾ ਜੰਮਪਲ।ਇਸ ਕਿਤਾਬ ਅੰਦਰ ਮੁਹੱਬਤ ਦੀ ਗੱਲ ਕਰਦਾ ਕਰਦਾ ਉਹ ਵਾਰਿਸ਼ ਸ਼ਾਹ ਦੇ ਸ਼ਾਹਕਾਰ “ਹੀਰ” ਦਾ ਮਹਿਜ਼ ਜ਼ਿਕਰ ਹੀ ਨਹੀਂ ਕਰਦਾ ਬਲਕਿ ਅਚੇਤ/ਸੁਚੇਤ ਰੂਪ ਵਿੱਚ ਕਿੱਸੇ ਦੀ ਯੁਗਤ ਦੇ ਕੁੱਝ ਰਵਾਇਤੀ ਢੰਗਾਂ ਨੂੰ ਵੀ ਵਰਤਦਾ ਹੈ ਜਿਵੇਂ ਪਿਛਲੇ ਜਨਮ ਦੀ ਗੱਲ ਨੂੰ ਵਰਤਣਾ ਹੋਵੇ ਜਾ ਬਚਪਨ ਵਿੱਚ ਬਾਗ ਚ ਘੁੰਮਣ ਤੋਂ ਆਪਣੇ ਮਜੂਦਾਂ ਦੌਰ ਅੰਦਰ ਮੁਹੱਬਤ ਦੇ ਬਾਗ ਦਾ ਮਾਲੀ ਹੋਣ ਦਾ ਸੰਕੇਤ ਦਾ ਜ਼ਿਕਰ ਹੋਵੇ।ਓਹ ਲੋਕ ਧਾਰਾ ਦੇ ਰਾਹੀਂ ਵਹਿਮ ਭਰਮਾਂ ਦੀ ਗੱਲ ਕਰਨ ਸਮੇਂ ਖੁਦ ਦੇ ਮਹਿਬੂਬ ਨੂੰ ਝਾਂਜਰ ਨਾ ਦੇਣ ਦੇ ਝੋਰੇ ਦਾ ਜ਼ਿਕਰ ਕਰਕੇ ਮੁਹੱਬਤ ਚ ‘”ਵਹਿਮ” ਦਾ ਪਿਆਰਾ ਸ਼ਿਕਾਰ ਹੋ ਜਾਂਦਾ ਹੈ।  ਉਹ ਭਾਵੇਂ ਗੱਲ 17 ਸੈਕਟਰ ਦੀ ਕਰ ਰਿਹਾ ਹੋਵੇ ਚਾਹੇ ਪੰਦਰਾਂ ਦੀ ਮਾਰਕੀਟ ਦੀ ਉਹ ਬਿਰਤਾਂਤ ਦੀ ਰੋਚਕਤਾ ਬਣਾਈ ਰੱਖਦਾ ਹੈ।ਪਹਿਲੀ ਨਜ਼ਰੇ ਇੱਕ ਪਾਠਕ ਨੂੰ ਇਹ ਸਮਝਣਾ ਮੁਸ਼ਕਿਲ ਜਾਪਦਾ ਹੈ ਕਿ ਇਹ ਕਿਤਾਬ ਹੈ ਕਿ ?ਮਤਲਬ ਸਵੈ ਜੀਵਨੀ ਹੈ? ਵਾਰਤਕ ਦੇ ਲੇਖਾਂ ਦੀ ਕਿਤਾਬ ਹੈ? ਨਾਟਕ ,ਕਹਾਣੀ ਜਾ ਕੁੱਝ ਹੋਰ ਪਰ ਮੈਨੂੰ ਇਹ ਕਿਤਾਬ ਸਮੁੱਚੇ ਰੂਪ ਵਿੱਚ “ਮੁਹੱਬਤ ਦਾ ਦਸਤਾਵੇਜ਼” ਲੱਗਦੀ ਹੈ।ਜਿਸ ਤਰ੍ਹਾਂ  ਇਸ ਕਿਤਾਬ ਅੰਦਰ ਚਿੱਟਾ “ਲਾਡੀ”ਬਣਕੇ ਨਿੱਕੇ ਤੋਂ ਨਿੱਕੇ ਪਲ ਨੂੰ ਮਾਣਦਾ ਹੈ, ਮਹਿਸੂਸਦਾ ਹੈ ਖ਼ਾਸਕਰ ਬਿਆਨਦਾ ਹੈ ਤਾਂ ਵਾਰ ਵਾਰ ਮੈਨੂੰ ਮਿਰਜ਼ਾ ਅਬਾਸ ਦਾ ਸ਼ੇਅਰ ਚੇਤਾ ਆਈ ਗਿਆ ਜੋ ਉਸਨੇ ਮਾਂ ਦੀ ਮੁਹੱਬਤ ਬਾਰੇ ਲਿਖਿਆ ਸੀ ਕਿਉਂਕਿ ਚਿੱਟਾ ਵੀ ਲਾਡੀ ਬਣਕੇ ਮਹਿਬੂਬ ਨੂੰ ਮਾਂ ਦੇ ਰੂਪ ਵਿੱਚ ਚਿੱਤਰਦਾ ਹੈ।

ਘੜੀ ਮੁੜੀ ਵੀ ਚੁੰਮ ਚੁੰਮ ਕੇ ਨਾ ਰੱਜੀ ਤੇ,
ਮਾਂ ਸ਼ੁਦੈਣ ਨੇ ਗੱਲ੍ਹ ਤੇ ਦੰਦੀ ਵੱਢ ਛੱਡੀ ।
( ਮੁਹੰਮਦ ਅੱਬਾਸ ਮਿਰਜ਼ਾ )
 ਇੱਕ ਥਾਂ ਚਿੱਟਾ ਸਰੀਰਕ ਤੌਰ ਉੱਤੇ ਵਿਛੜਕੇ ਗਏ ਤਾਰਿਆਂ ਦੇ ਰੂਪ ਵਿੱਚ ਗੱਲਾਂ ਕਰਦੇ ਆਪਣਿਆਂ ਦਾ ਜ਼ਿਕਰ ਜਦੋ ਕਰਦਾ ਹੈ ਤਾਂ ਮੈਨੂੰ ਵੀ ਮੇਰੇ ਡੈਡੀ ਹੋਰੀਂ ਤਾਰੇ ਬਣਕੇ ਗੱਲਾਂ ਕਰਦੇ ਜਾਪੇ ਤੇ ਅੱਖਾਂ ਚ ਆਪ ਮੁਹਾਰੇ ਹੰਝੂ ਸਿਮ ਆਏ ਇਹ ਇਸ ਕਿਤਾਬ ਦਾ ਹਾਸਿਲ ਹੈ। ਕਿਸੇ ਕਿਤਾਬ ਨੂੰ ਪੜ੍ਹਣ ,ਸਮਝਣ ਤੇ ਬਿਆਨਣ ਸਮੇਂ ਮੈਂ ਕੁੱਝ ਮਾਪਦੰਡ ਵਰਤਦਾ ਹਾਂ ਜਿਸ ਉੱਤੇ ਕਿਤਾਬ ਖ਼ਰੀ ਉਤਰਦੀ ਹੋਵੇ ਨਹੀਂ ਫੇਰ ਆਪਾਂ ਆਲੋਚਨਾ ਵਾਲੀ ਕਿੱਲੀ ਨੱਪ ਦਿੰਦੇ ਹਾਂ,ਪਰ ਮੁਹੱਬਤ ਤੇ ਧਿਆਨ ਦੇ ਵਿਸ਼ੇ ਉੱਤੇ ਮੈਂ ਸਿਫ਼ਰ ਹੋ ਜਾਂਦਾ ਹਾਂ ਖਾਲ਼ੀ ਹੋ ਜਾਂਦਾ ਹਾਂ ਨੁਕਸ ਕੱਢਣ ਦੀ ਥਾਂ ਮਾਣਦਾ ਹਾਂ ਅੰਦਰਲੇ ਨੂੰ ਭਰਦਾ ਹਾਂ। ਚਿੱਟਾ ਇਸ ਕਿਤਾਬ ਨੂੰ ਲ਼ਿਖਕੇ ਮੇਰੀ ਇਸੇ ਕਮਜ਼ੋਰੀ ਦਾ ਫ਼ਾਇਦਾ ਉੱਠਾ ਗਿਆ ਹਾਹਾਹਾਹ ਕੁੱਝ ਮੈਂ ਮਹਿਸੂਸਦਾ ਹਾਂ ਕਿ ਹਰੇਕ ਲੇਖਕ ਦੀ ਪਹਿਲੀ ਕਿਤਾਬ ਪਹਿਲੀ ਮੁਹੱਬਤ ਵਾਂਗ ਹੁੰਦੀ ਜਿਸ ਨੂੰ ਹਾਸਿਲ ਨਹੀਂ ਕਰਨਾ ਹੁੰਦਾ ਸਗੋਂ ਸਿੱਖਣਾ ਹੁੰਦਾ ਹੈ ਕਿ ਅਸਲ ਚ ਮੁਹੱਬਤ ਕਿਵੇਂ ਕਰੀਦੀ ਹੈ ਕਿਵੇਂ ਮਾਣੀਂਦੀ ਹੈ ।ਮੈਨੂੰ ਪੂਰਨ ਭਰੋਸ਼ਾ ਹੈ,ਚਿੱਟਾ ਵੀ ਇਸ ਕਿਤਾਬ ਤੋਂ ਬਾਅਦ ਇਹ ਹੀ ਮਹਿਸੂਸ ਕਰ ਰਿਹਾ ਹੋਵੇਗਾ

। ਦੂਜੀ ਕਿਤਾਬ  ਲਿਖਣ ਸਮੇਂ ਦਿਲ ਤੁੜਵਾ ਚੁੱਕੇ ਤਜ਼ੁਰਬੇਕਾਰ ਆਸ਼ਿਕ ਵਾਂਗ ਹੁੰਦਾ ਹੈ ਜੋ ਕੁੱਝ ਗੱਲਾਂ ਲਈ ਪਹਿਲਾਂ ਹੀ ਆਪਣੇ ਆਪ ਨੂੰ ਤਿਆਰ ਰੱਖਦਾ ਹੈ ਉਮੀਦ ਕਰਦਾ ਹਾਂ। ਚਿੱਟਾ ਦਿਲ ਨਾ ਤੁੜਵਾਵੇ ,ਬੱਸ ਜ਼ਿਆਦਾ ਰਮਜ਼ ਮੈਂ ਨਹੀਂ ਦੇਣੀ ਸਮਝਦਾਰ ਨੂੰ ਇਸ਼ਾਰਾ ਹੀ ਬਹੁਤ ਹੁੰਦਾ ਹੈ। ਗੱਲ  ਦੁਬਾਰਾ ਦੋ ਢਾਈ ਸਾਲ ਕਿਤਾਬ ਵਿਚਲੇ ਲਾਡੀ ਦੀ ਕਰਦੇ ਹਾਂ ਮੈਂ ਇਸ ਪਾਤਰ ਨੂੰ ਬਹੁਤ ਨੇੜੇ ਤੋਂ ਅਨੁਭਵ ਕੀਤਾ ਹੈ।ਸ਼ਾਇਦ ਮੇਰੀ ਨਿੱਜੀ ਜ਼ਿੰਦਗੀ ਇਸ ਕਿਤਾਬ ਵਿਚਲੇ ਪਾਤਰ ਤੇ ਲੇਖਕ ਚਿੱਟੇ ਵਰਗੀ ਰਹੀ ਹੈ ਹੁਣ ਤੱਕ।ਸ਼ਾਇਦ ਤਾਂਹੀ ਚਿੱਟੇ ਨੇ ਕਿਤਾਬ ਭੇਂਟ ਕਰਨ ਸਮੇਂ ਮੇਰੇ ਬਾਰੇ ਲਿਖਿਆ ਸੀ” ਜਿਸ ਮਿੱਤਰ ਨਾਲ ਮੁਹੱਬਤੀ ਗੱਲਾਂ ਦੀ ਬੜੀ ਗੂੜੀ ਸਾਂਝ ਹੈ ਉਸ ਪਿਆਰੇ  ਦੋਸਤ ਮੇਜਰ ਨੂੰ ਪਿਆਰ ਸਤਿਕਾਰ ਸਹਿਤ ਭੇਂਟ”।ਹਾਂ ਇੱਕ ਗਿਲਾ ਮੈਨੂੰ ਚਿੱਟੇ ਨਾਲ ਜ਼ਰੂਰ ਹੈ ਕਿ ਓਹ ਮੇਰਾ ਆਇਡਿਆ ਤੇ ਕਿਤਾਬ ਖ਼ਾਅ ਗਿਆ ਤੇ ਇੱਕ ਮੇਰੇ ਅੰਦਰਲਾ ਗੁਰਬਖਸ਼ ਪ੍ਰੀਤਲੜੀ ਹਾਹਾਹਾ। ਤੁਸੀ ਸੋਚੋਂਗੇ ਓਹ ਕਿਵੇਂ ?ਦਰਅਸਲ ਮੈਂ ਵੀ ਸੋਚਿਆ ਸੀ ਜ਼ਿੰਦਗੀ ਚ ਕਦੇ ਕਿਤਾਬ ਲਿਖਣ ਬਾਰੇ, ਆਪਣੀ ਨਿੱਜੀ ਜ਼ਿੰਦਗੀ ਦੇ ਸੰਘਰਸ਼,ਮੁੱਹਬਤ, ਯੂਨੀਵਰਸਿਟੀ ਬਾਰੇ ਲਿਖਣ ਬਾਰੇ,ਮੇਰਾ ਵੀ ਪੰਜਾਬੀ ਯੂਨੀਵਰਸਿਟੀ ਚ ਦੋ ਢਾਈ ਸਾਲ ਦਾ ਪਰ ਕਮਾਲ ਦਾ ਤਜਰਬਾ ਰਿਹਾ ਹੈ ਜੋ ਮੈਨੂੰ ਦਿਨ ਰਾਤ ਟਿਕਣ ਨਹੀਂ ਦਿੰਦਾ ਚਿੱਟੇ ਦੇ ਸ਼ਬਦਾਂ ਚ ਕਹਾਂ ਤਾਂ” ਮੁਹੱਬਤ ਦਾ ਲਾਵਾ “ਹੈ ਜੋ ਫੁੱਟਣ ਨੂੰ ਕਾਹਲਾ ਰਹਿੰਦਾ ਹੈ।ਪਰ ਹੁਣ ਮੈਨੂੰ ਵਿਧਾ,ਤੇ ਢੰਗ ਤਰੀਕੇ,ਨਾਮ ਸਭ ਬਦਲਣਾ ਪੈਣਾ ਹੈ ਨਹੀਂ ਉਹ ਕਿਤਾਬ, ਇਸ ਕਿਤਾਬ ਦੀ ਕਾਪੀ ਹੋਵੇਗੀ ਜੋ ਮੈਂ ਕਦੇ ਵੀ ਨਹੀਂ ਚਾਹਾਂਗਾ ਕਿਉਂਕਿ ਅਸੀਂ ਬਾਈ ਤੋਂ ਸਿੱਖਣਾ ਹੈ ਸੇਧ ਲੈਣੀ ਹੈ ਨਕਲ ਨਹੀਂ ਮਾਰਨੀ।

ਚਿੱਟੇ ਦੀ ਇਸ ਕਿਤਾਬ ਦੇ ਕਈ ਹਾਸਿਲ ਨੇ ਪਹਿਲਾ ਨਵੇਂ ਮੁੰਡਿਆਂ ਨੂੰ ਕਿਤਾਬੀ ਸੰਸਾਰ ਨਾਲ ਜੋੜਨ ਚ ਇਹ ਕਿਤਾਬ ਅਹਿਮ ਭੂਮਿਕਾ ਨਿਭਾਏਗੀ ਕਿਉਂਕਿ ਸੋਸ਼ਲ ਮੀਡੀਆ ਰਾਹੀਂ ਪਹਿਲਾਂ ਤੋਂ ਹੀ ਕਾਫੀ ਵੱਡਾ ਪਾਠਕ ਵਰਗ ਚਿੱਟੇ ਨਾਲ ਜੁੜਿਆ ਹੋਇਆ ਹੈ ਹੁਣ ਹੋਰ ਹੁਲਾਰਾ ਮਿਲੇਗਾ ਜਿਸਦਾ ਸਮੁੱਚੇ ਤੌਰ ਉੱਤੇ ਪੰਜਾਬੀ ਸਾਹਿਤ ਨੂੰ ਭਵਿੱਖ ਚ ਫਾਇਦਾ ਹੀ ਹੋਣਾ ਹੈ।ਦੂਜਾ ਹਾਸਿਲ ਮੇਰੇ ਸਮੇਤ ਕਈਆਂ ਲਈ  ਇਹ ਕਿਤਾਬ ਰਾਹ ਦਸੇਰਾ ਬਣੇਗੀ ਕਿ ਤੁਸੀ ਵੀ ਚਿੱਟੇ ਵਾਂਗ ਬੇਬਾਕੀ ਨਾਲ਼ ਆਪਣੀ ਨਿੱਜੀ ਜ਼ਿੰਦਗੀ ਨੂੰ ਬੇਹੱਦ ਖੂਬਸੂਰਤੀ ਨਾਲ ਪਾਠਕਾਂ ਦੇ ਸਨਮੁੱਖ ਪੇਸ਼ ਕਰ ਸਕੋ ਬਸ਼ਰਤੇ ਤੁਹਾਡੇ ਕੋਲ ਮੁਹੱਬਤ ਦੇ ਦੀਵੇ ਚ ਇਲਮ ਦਾ ਤੇਲ ਹੋਵੇ। ਗੱਲਾਂ ਹੋਰ ਵੀ ਬਹੁਤ ਨੇ ਇਸ ਕਿਤਾਬ ਬਾਰੇ ਪਰ ਪੋਸਟ ਲੰਬੀ ਹੋ ਜਾਣੀ ਹੈ ਸੋ ਬਾਕੀ ਗੱਲਾਂ ਮੈਂ ਵਾਰਤਕ ਰੂਪ ‘ਚ ਹੀ ਸਮੇਂ ਸਮੇਂ ਸਾਂਝਾ ਕਰਦਾ ਰਹਾਂਗਾ ਕਿਉਂਕਿ ਲੇਖਕ ਵੀ ਘਰਦਾ ਹੈ ਤੇ ਕਿਤਾਬ ਵੀ।ਫ਼ਿਲਹਾਲ ਮੈਂ ਪੰਜਾਬੀ ਸਾਹਿਤ ਅੰਦਰ ਚਿੱਟੇ ਦੀ ਆਮਦ ਨੂੰ ਹਵਾਂ ਦੇ ਠੰਡੇ ਬੁੱਲੇ ਵਾਂਗ ਮਹਿਸੂਸ ਕਰਦਾ ਖੁਸ਼ਾਮਦੀਦ ਕਹਿੰਦਾ ਹਾਂ। ਤੇ ਆਪਣੀ ਗੱਲ ਨੂੰ ਵਿਰਾਮ ਦਿੰਦਾ ਹਾਂ ਮਨਵਿੰਦਰ ਮਾਨ ਬਾਈ ਦੇ ਲਿਖੇ ਗੀਤ ਦੇ ਇਸ ਅੰਤਰੇ ਨਾਲ ਜੋ ਮੈਂ ਨਿੱਜੀ ਰੂਪ ਵਿੱਚ “ਚਿੱਟੇ “ਬਾਈ ਨੂੰ ਸਮਰਪਿਤ ਕਰਦਾ ਹਾਂ ਕਿਉਂਕਿ 1 ਸਾਲ ਤੋਂ ਮੈਂ ਨਿੱਜੀ ਕੰਮਾਂ ਤੇ ਕੁੱਝ ਮੁਸ਼ਕਲਾਂ ਕਰਕੇ ਸਾਹਿਤ ਤੋਂ ਦੂਰ ਸੀ ਜਿਸ ਨਾਲ ਦੁਬਾਰਾ ਜੁੜਨ ਦਾ ਸਬੱਬ ਚਿੱਟੇ ਦੀ ਇਹ ਕਿਤਾਬ ਬਣੀ ਹੈ ~ ਮੇਜਰ ਸਿੰਘ

 

ਜਿੱਥੋਂ ਲੰਘਿਆ ਕਰਮਾਂ ਵਾਲੜਾ
ਸਾਨੂੰ ਉਹੀ ਭਾਉਂਦੇ ਰਾਹ,,
ਕੋਈ ਬੁੱਕ-ਬੁੱਕ ਕਰਕੇ ਪੀ ਗਿਆ
ਵੇ ਸਾਡੇ ਦਰਦਾਂ ਦੇ ਦਰਿਆ…

Leave a Comment