Tabaadley Song Satinder Sartaaj lyrics Shayar Movie Shayar Movie Song Lyrics satinder sartaj
ਖਿੱਲਰੇ ਖ਼ਿਆਲਾਂ ਦੇ ਤਬਾਦਲੇ ਕਰਾ ਕੇ ਮੈਂ ਤਾਂ ਕਾਗ਼ਜ਼ਾਂ ਦਾ ਸਾਂਭ ਲਿਆ ਥੱਬਾ,
ਥੱਬੇ ਦੇ ਵਿੱਚ ਯਾਦਾਂ ਵਾਲ਼ੇ ਮਰਲੇ-ਕਨਾਲ਼ਾਂ-ਕਿੱਲੇ ਜੋੜ ਕੀਤਾ ਦਿਲਾਂ ਦੀ ਜ਼ਮੀਨ ਦਾ ਮੁਰੱਬਾ,
ਮੁਰੱਬੇ ਦੇ ਤਾਂ ਸੱਜੇ ਪਾਸੇ ਗ਼ਮਾਂ ਦੀਆਂ ਪੈਲ਼ੀਆਂ; ਕੀ ਦੱਸੀਏ ਜੀ ਜਿਨ੍ਹਾਂ ਦਾ ਸੁਭਾਅ ਏ ਬੜਾ ਕੱਬਾ,
ਕੱਬਾ ਨਾ ਪੁੱਛੋ ਮਸਾਂ ਹੀ ਮਨਾਇਆ, ਜੀ ਮੈਂ ਗਲ਼ ਪੱਲਾ ਪਾਇਆ, ਤਾਂ ਹੀ ਮੰਨਿਆ ਉਦਾਸੀਆਂ ਦਾ ਅੱਬਾ,
ਅੱਬੇ ਨੇ ਉਹਦੇ ਵੱਟੇ ਕੁਛ ਚਾਅਵਾਂ ’ਤੇ ਸੀ ’ਗੂਠਾ ਲਗਵਾਇਆ ਨਾਲ਼ੇ ਰੱਖ ਲਿਆ ਸੱਧਰਾਂ ਦਾ ਡੱਬਾ,
ਡੱਬੇ ਦੇ ਵਿੱਚੋਂ ਕੁਛ-ਕੁ ਉਮੰਗਾਂ ਦਾ ਬਿਆਨਾ ਕਰਵਾਉਣ ਵੇਲੇ ਜਿਉਣ ਦਾ ਵਸੀਲਾ ਇੱਕ ਲੱਭਾ,
ਤੇ ਮਸਾਂ ਕਿਤੇ “ਆਰਸੀ-ਨਵੀਸੀ” ਕਹਿ ਕੇ ਪੱਲਾ ਛੁਡਵਾਇਆ, ਹੋਰ ਕਰਨਾ ਪਿਆ ਜੀ ‘ਲੱਲਾ’-‘ਭੱਭਾ’,
ਤੇ ਔਖੇ-ਸੌਖੇ ਜਮ੍ਹਾਂ-ਬੰਦੀ ਸਾਹਾਂ ਦੀ ਦਾ ਲੱਠਾ ਕਢਵਾਇਆ, ਉੱਥੋਂ ਮਿਟਿਆ ‘ਬੈਨਾਮੇ’ ਵਿੱਚੋਂ ‘ਬੱਬਾ’,
ਜੀ ਹੁਣ ਦੱਸੋ ਕਿਹੜੇ ਕਾਨੂੰਗੋ ਤੋਂ ਗਿਰਦੌਰੀਆਂ ਕਰਾਈਏ, ਦੱਸੋ ਕਿਹੜਾ ਮੇਟੂ ਲੇਖਾਂ ਉੱਤੋਂ ਧੱਬਾ,
ਕਿ ਚੱਲ ਦਿਲਾ ਇਸ਼ਕ਼-ਤਹਿਸੀਲ ’ਚੇ ਅਪੀਲ ਪਾ ਕੇ ਦੇਖ; ਹੋ ਜਏ ਖ਼ਾਤਾ ਸਿੱਧਾ ਸ਼ਾਇਦ ਇਹ ਬੇ-ਢੱਬਾ,
ਤੇ ਉੱਤੋਂ ਕਿਤੇ ਹੱਕ ’ਚੇ ਖਲੋ ਗਿਆ ਜੇ ਰੂਹ ਦਾ ਪਟਵਾਰੀ; ਦੇ ਦਊ ਵਗਦੀ ਜ਼ਮੀਨ ਵਿੱਚੋਂ ਗੱਭਾ,
ਤਹਿਸੀਲਦਾਰੋ ਕਿਤੇ ‘ਸਰਤਾਜ’ ਦਾ ਨਾ ਬੰਨਾ ਜੁੜੇ, ਬਿਰਹਾ ਨਾ ਉਮਰਾਂ ਦਾ ਵੈਰੀ ਪਾਸਾ ਖੱਬਾ,
ਜੀ ਹਾੜਾਂ ਸੱਚੀਂ ਸਾਡੇ ਇੰਤਕਾਲ ਤੇ ਵਸੀਕੇ ਦੀ ਨਵੀਸੀ ਹੁਣ ਤੇਰਿਆਂ ਹੱਥਾਂ ਦੇ ਵਿਚ ਰੱਬਾ,
ਜੀ ਸ਼ੁਕਰਾਨੇ, ਖਿੱਲਰੇ ਖ਼ਿਆਲਾਂ ਦੇ ਤਬਾਦਲੇ ਕਰਾ ਕੇ ਮੈਂ ਤਾਂ ਕਾਗ਼ਜ਼ਾਂ ਦਾ ਸਾਂਭ ਲਿਆ ਥੱਬਾ।