Hasda Murda Poetry Book By Manpreet Singh

ਕਿਤਾਬ ਬਾਰੇ –
“ਹੱਸਦਾ ਮੁਰਦਾ “ ਕੇਵਲ ਇੱਕ ਕਿਤਾਬ ਹੀ ਨਹੀਂ , ਅਸਲ ਵਿੱਚ ਸਾਡੇ ਸਾਰਿਆਂ ਦਾ ਜੀਵਨ ਹੈ । ਹਰ ਇੱਕ ਬੰਦਾ ਅੰਦਰੋਂ ਉਦਾਸੀ ਤੇ ਗ਼ਮ ਨਾਲ ਭਰਿਆ ਹੋਇਆ ਤੇ ਉੱਤੋਂ ਮੁਸਕਰਾਉਂਦਾ ਹੋਇਆ ਨਜ਼ਰੀਂ ਆਉਂਦਾ ਹੈ । ਮਸ਼ਹੂਰ ਕਮੇਡੀਅਨ ਚਾਰਲੀ ਚੈਪਲਿਨ ਜਿਹਨੂੰ ਵੇਖ ਕੇ
ਲੋਕ ਅੱਜ ਵੀ ਖੁਸ਼ ਹੁੰਦੇ ਨੇ ਉਹ ਆਖਦਾ ਹੈ “ ਮੈਨੂੰ ਬਰਸਾਤ ਵਿੱਚ ਘੁੰਮਣਾ ਬਹੁਤ ਪਸੰਦ ਹੈ ਕਿਉਂਕਿ ਉੱਥੇ ਮੇਰੇ ਰੋਂਦੇ ਹੋਏ ਦੇ ਕੋਈ ਹੰਝੂ ਨਹੀਂ ਵੇਖ ਸਕਦਾ । ਕਿਸੇ ਵੀ ਕਿਤਾਬ ਨੂੰ ਪੜ੍ਹ ਕੇ ਕਿਸੇ ਸ਼ਾਇਰ ਦਾ ਜੀਵਨ ਵੇਖਦੇ ਹਾਂ ਤਾਂ “ਘਰਿ ਘਰਿ ਏਹਾ ਅਗਿ ॥ “ ਦੇ ਬਚਨਾਂ ਮੁਤਾਬਿਕ ਉਹ ਵੀ ਸਾਨੂੰ ਤਕਰੀਬਨ ਰੋਂਦਾ ਹੀ ਜਾਪਦਾ ਹੈ ਤਾਂ ਹੀ ਮੈਂ ਲਿਖਿਆ ਸੀ –


ਅੱਖ ਦਾ ਕੋਠਾ ਚੋਂਦਾ ਜਾਪੇ
ਹਰ ਇੱਕ ਸ਼ਾਇਰ ਰੋਂਦਾ ਜਾਪੇ
ਇਸ ਕਿਤਾਬ ਵਿੱਚ “ਹੱਸਦਾ ਮੁਰਦਾ “ ਮਾਨੋ ਪਾਤਰ ਹੈ ਜੋ ਸਮਾਜ ਵਿੱਚ
ਵਿਚਰਦਾ ਹੋਇਆ , ਅਜੋਕੇ ਹਾਲਾਤਾਂ ਨੂੰ ਵੇਖਦਾ ਹੋਇਆ ਆਪਣੀ ਕਲਮ ਨਾਲ ਪੰਨਿਆਂ ਉੱਤੇ ਲਿਖਦਾ ਹੈ ~
ਬੰਦਿਆਂ ਦਾ ਸੱਪ ਬਣਨਾ , ਵਿਧਵਾ ਹੱਥ ਮਹਿੰਦੀ , ਮਾਂ ਵੱਲੋਂ ਪੁੱਤ ਦਾ ਕਤਲ , ਭਰਾ ਦਾ ਭੈਣ ਨੂੰ ਵਿਆਉਣਾ , ਕਦੇ ਰੁੱਖਾਂ ਦੇ ਕੰਬਦੇ ਹੋਏ ਪੱਤਿਆਂ ਦੀ ਗੱਲ ਕਰਦਾ ਹੈ ਤੇ ਕਦੇ ਆਪਣੇ ਅੰਦਰ ਝਾਤ ਮਾਰ ਕੇ ਕੁਝ ਲੱਭਣ ਦੀ ਕੋਸ਼ਿਸ਼ ਕਰਦਾ ਹੈ ਤੇ ਕਦੇ ਕਦਾਈਂ ਤਾਂ ਸਾਨੂੰ ਉਹ ਦੁਖੀ ਵੀ ਪ੍ਰਤੀਤ ਹੁੰਦਾ ਹੈ –
ਚਾਰ ਚੁਫੇਰੇ ਸੋਗ ਏ ਬੀਬਾ
ਪਰਸੋਂ ਮੇਰਾ ਭੋਗ ਏ ਬੀਬਾ

ਵੈਦਾਂ ਨੇ ਕੀ ਕਾਰੀ ਕਰਨੀ
ਜਿਹੜਾ ਮੈਨੂੰ ਰੋਗ ਏ ਬੀਬਾ
ਤੇ ਕਦੇ ਫਿਰ ਆਪ ਹੀ ਆਪਣੇ ਆਪ ਨੂੰ ਦਿਲਾਸੇ ਦੇ ਕੇ ਸਮਝਾਉਣ ਦੀ ਕੋਸ਼ਿਸ਼ ਵੀ ਕਰਦਾ ਹੈ । ਸੋ ਆਪ ਸਭ ਦੀਆਂ ਦੁਆਵਾਂ ਦੇ ਸਦਕਾ ਨਿੱਕੀ ਜਿਹੀ ਭੇਟ ਕਿਤਾਬ ਦੇ ਰੂਪ ਵਜੋਂ ਆਪ ਜੀ ਚਰਨਾਂ ਵਿੱਚ ਰੱਖਣ ਜਾ ਰਿਹਾ ਹਾਂ ਉਮੀਦ ਹੈ ਮੇਰੀ ਪਹਿਲੀ ( ਪਲੇਠੀ ) ਪੁਸਤਕ “ਠੰਡਾ ਸੂਰਜ “ ਵਾਂਗ ਇਸ ਨੂੰ ਵੀ ਅਸੀਸ ਦੇਵੋਗੇ ।
ਤੁਹਾਡੇ ਸੁਝਾਵਾਂ ਦੀ ਉਡੀਕ ਵਿੱਚ , ਤੁਹਾਡਾ ਆਪਣਾ –
ਮਿਤੀ ੪ ਅਪ੍ਰੈਲ ੨੦੨੪ ਮਨਪ੍ਰੀਤ ਸਿੰਘ
